On Facebook
Sign Up | Sign In | Help  
Home  :   Live Kirtan  :   Guru Granth Sahib  :   Gurbani Paath  :   Gurbani Shabad  :   Live Radios   :   Punjabi News
Punjabi Songs  :    Listen Comedy  :    iHues Chat  :    Matrimonials  :    Buy/ Sell Homes    :    Pungarde Harf   
Punjabi Literature   :   Members   :   Punjabi Books    :    Greeting Cards   :   Air Tickets   :   Buy & Sell Cars
Punjabi Search   :   Clock & Currency Converter   :   Online Television   :   Writers Directory   :    Sitemap   :    Contact

ਬੇਬਾਕ ਨਾਵਲਕਾਰ ਜਸਵੰਤ ਸਿੰਘ ਕੰਵਲ
ਗੁਰਦੀਪ ਕੌਰ ਰੂਬੀ 

ਜਸਵੰਤ ਸਿੰਘ ਕੰਵਲ ਪੰਜਾਬੀ ਦਾ ਬੇਬਾਕ ਤੇ ਬੇਲਿਹਾਜ਼ ਨਾਵਲਕਾਰ ਹੈ। ਉਹ ਨਾਵਲਕਾਰ ਜਿਸ ਨੇ ਪੰਜਾਬੀ ਨਾਵਲਕਾਰੀ ਨੂੰ ਨਵੀਂ ਦਿਸ਼ਾ ਤੇ ਸੇਧ ਦਿੱਤੀ। ਉਸ ਦੇ ਪਾਠਕਾਂ ਦੀ ਇਕ ਵੱਖਰੀ ਸ਼੍ਰੇਣੀ ਹੈ। ਨਾਵਲ ਲਿਖਣ ਲਈ ਉਸ ਪੂਰਾ ਭਾਰਤ ਗਾਹ ਮਾਰਿਆ ਤੇ ਨਾਵਲਾਂ ਦੇ ਸਿਰੋਂ ਹੀ ਉਸ ਪੂਰਾ ਯੂਰਪ ਵੇਖ ਲਿਆ। ਜਿਥੇ ਕਿਤੇ ਵੀ ਪੰਜਾਬੀ ਹਨ ਸਭ ਉਸ ਦੇ ਨਾਵਲਾਂ ਨੂੰ ਰੂਹ ਨਾਲ ਪੜ੍ਹਦੇ ਹਨ। ਉਸ ਦੇ ਪਾਠਕ ਨਾਵਲ ਪੜ੍ਹਦੇ-ਪੜ੍ਹਦੇ ਆਪਣੇ ਪੰਜਾਬ ਦੇ ਖੇਤਾਂ ਵਿਚੋਂ ਦੀ ਵਿਚਰ ਜਾਂਦੇ ਹਨ। ਸੁਆਣੀਆਂ, ਸਕੂਲਾਂ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਤੋਂ ਲੈ ਕੇ ਘਾਗ ਸਿਆਸਤਦਾਨ ਉਨ੍ਹਾਂ ਦੇ ਨਾਵਲਾਂ ਨੂੰ ਬੜੀ ਸ਼ਿੱਦਤ ਨਾਲ ਪੜ੍ਹਦੇ ਹਨ। ਮੈਨੂੰ ਵੀ ਆਪਣੀ ਜ਼ਿੰਦਗੀ ਦੋ ਗੱਲਾਂ ਕਦੀ ਨਹੀਂ ਭੁੱਲ ਸਕਦੀਆਂ ਕਿ 1991 ਵਿਚ ਮੈਂ ਵੀ ਉਨ੍ਹਾਂ ਦਾ ਪਹਿਲਾ ਨਾਵਲ ਪੂਰਨਮਾਸ਼ੀ'' ਚੋਰੀ ਚੁੱਕ ਕੇ ਪੜ੍ਹਿਆ ਸੀ ਤੇ ਕਦੀ ਗੁਰਦਾਸ ਮਾਨ ਨੇ ਵੀ ਇਹ ਗੱਲ ਆਖੀ ਹੋਈ ਹੈ ਕਿ ਉਨ੍ਹਾਂ ਦਾ ਨਾਵਲ ਪੂਰਨਮਾਸ਼ੀ' ਉਸ ਨੇ ਵੀ ਪਹਿਲੀ ਹੀ ਬੈਠਕ ਵਿਚ ਪੜ੍ਹ ਲਿਆ ਸੀ। ਹਾਂ, ਇਹ ਗੱਲ ਸੱਚ ਹੈ ਕਿ ਉਨ੍ਹਾਂ ਦੇ ਨਾਵਲ ਪੜ੍ਹਦਿਆਂ ਵਿਚੋਂ ਉਣ ਨੂੰ ਮਨ ਨਹੀਂ ਕਰਦਾ, ਰੋਟੀ ਖਾਣੀ ਭਾਵੇਂ ਰਹਿ ਜਾਵੇ।

ਪਾਠਕਾਂ ਦਾ ਇਕ ਉਹ ਖਾਸ ਵਰਗ ਵੀ ਵੇਖਿਆ ਹੈ ਜੋ ਅੰਮ੍ਰਿਤ ਵੇਲੇ ਰੱਬ ਦਾ ਨਾਂ ਲੈਣ ਦੀ ਥਾਂ ਕੰਵਲ ਦੇ ਨਾਵਲ ਪੜ੍ਹਦੇ ਹਨ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਜਿਥੇ ਕੰਵਲ ਦੇ ਨਾਵਲ ਨੌਜਵਾਨ ਵਰਗ ਨੂੰ ਸੇਧ ਦਿੰਦੇ ਹਨ ਉਥੇ ਪੰਜਾਬ ਦੀ ਸਿਆਸਤ ਤੇ ਆਰਥਿਕ ਮੰਦਹਾਲੀ ਬਾਰੇ ਜ਼ਿੰਮੇਵਾਰ ਨੇਤਾਵਾਂ ਦੇ ਡਿੱਗ ਚੁੱਕੇ ਮਿਆਰ ਤੇ ਡੂੰਘੀ ਸੱਟ ਮਾਰਦੇ ਹਨ। ਇਕ ਸੁਚੱਜੇ ਪਾਠਕ ਨੂੰ ਉਨ੍ਹਾਂ ਦੇ ਨਾਵਲਾਂ ਤੋਂ ਸੇਧ ਮਿਲਦੀ ਹੈ। ਕੁਝ ਕਰ ਗੁਜ਼ਰਨ ਦੀ ਇੱਛਾ, ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਕੋਈ ਸਬਕ ਸਿੱਖ ਸਕਣ। ਅੱਜ ਰੁੜਦੇ ਜਾ ਰਹੇ ਪੰਜਾਬ ਤੇ ਉਨ੍ਹਾਂ ਹੀ ਹਾਅ ਦਾ ਨਾਅਰਾ ਮਾਰਿਆ ਹੈ। ਉਹ ਹਰ ਪੰਜਾਬੀ ਦਾ ਦਰਵਾਜ਼ਾ ਖੜਕਾ ਰਿਹਾ ਹੈ ਕਿ ਕੋਈ ਉਠੋ ਤੇ ਪੰਜਾਬ ਨੂੰ ਬਚਾਵੋ। ਪੰਜਾਬ ਨੂੰ ਅੱਜ ਇਕ ਨਹੀਂ ਕਿੰਨੀਆਂ ਹੀ ਅਲਾਮਤਾਂ ਨੇ ਘੇਰਿਆ ਹੋਇਆ ਹੈ। ਬੇਰੁਜ਼ਗਾਰੀ ਦੀ ਸਮੱਸਿਆ, ਨਸ਼ਿਆਂ ਵਿਚ ਗਲਤਾਨ ਹੋ ਰਹੀ ਜਵਾਨੀ, ਵਿਦੇਸ਼ਾਂ ਦੀ ਲਲਕ-ਝਲਕ ਵਿਚ ਏਜੰਟਾਂ ਦੇ ਰਾਹੀਂ ਅਣਿਆਈ ਮੌਤ ਦੇ ਮੂੰਹ ਵਿਚ ਡਿੱਗ ਰਿਹਾ ਨੌਜਵਾਨ ਵਰਗ, ਅਣਜੋੜ ਵਿਆਹਾਂ ਰਾਹੀਂ ਕਲੰਕਿਤ ਹੋ ਰਹੀਆਂ ਪੰਜਾਬ ਦੀਆਂ ਧੀਆਂ, ਪੰਜ ਪਾਣੀਆਂ ਦੀ ਧਰਤੀ ਨੂੰ ਦਰਪੇਸ਼ ਆ ਰਹੀ ਪਾਣੀ ਦੀ ਥੋੜ, ਫੈਲ ਰਿਹਾ ਮਾਰੂਥਲ ਦਾ ਜੰਗਲ। ਇਹ ਸਾਰੀਆਂ ਅਲਾਮਤਾਂ ਉਸ ਕਾਢ ਦੀਆਂ ਹੀ ਧੀਆਂ ਹਨ ਜਿਨ੍ਹਾਂ ਨੂੰ ਅਸੀਂ ਆਰਥਿਕ ਖੁਸ਼ਹਾਲੀ ਤੇ ਤਰੱਕੀ ਦਾ ਨਾਂ ਦਿੱਤਾ ਹੈ।

ਇਸ ਜੁਝਾਰੂ ਨਾਵਲਕਾਰ ਦਾ ਜਨਮ 27 ਜੂਨ 1919 ਨੂੰ ਪਿੰਡ ਢੁੱਡੀਕੇ (ਜ਼ਿਲਾ ਮੋਗਾ) ਵਿਖੇ ਸ੍ਰੀ ਮੁਹੱਲਾ ਸਿੰਘ ਦੇ ਘਰ ਹੋਇਆ। 1943 ਵਿਚ ਜਸਵੰਤ ਸਿੰਘ ਕੰਵਲ ਦਾ ਵਿਆਹ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇਕ ਸਪੁੱਤਰ ਨੇ ਜਨਮ ਲਿਆ। ਅੱਜ ਤਿੰਨ ਧੀਆਂ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਹਨ। ਸਪੁੱਤਰ ਸਰਬਜੀਤ ਸਿੰਘ ਦੋ ਖੂਬਸੂਰਤ ਬੇਟਿਆਂ ਹਰਮੀਤ ਤੇ ਸੁਮੀਤ ਦਾ ਪਿਤਾ ਹੈ। ਕੰਵਲ ਦੀ ਨੂੰਹ ਇਕ ਸੁੱਘੜ ਸਿਆਣੀ ਔਰਤ ਹੈ। ਘਰ ਵਿਚ ਆਏ ਹਰ ਮਹਿਮਾਨ ਦੀ ਸੇਵਾ ਕਰ ਕੇ ਉਸ ਨੂੰ ਖੁਸ਼ੀ ਮਿਲਦੀ ਹੈ।

ਕੰਵਲ ਹੁਰਾਂ ਨੇ ਆਪਣੀ ਮੁਢਲੀ ਵਿਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਇਹ ਸੱਚ ਹੈ ਕਿ ਉਨ੍ਹਾਂ ਨੇ ਦਸਵੀਂ ਦੀ ਜਮਾਤ ਪਾਸ ਨਹੀਂ ਕੀਤੀ ਪਰ ਗਿਆਨੀ ਜ਼ਰੂਰ ਕੀਤੀ ਹੋਈ ਹੈ। ਉਨ੍ਹਾਂ ਦੇ ਕਹਿਣ ਮੁਤਾਬਕ ਉਨ੍ਹਾਂ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿਚ ਘੁੰਮਦਿਆਂ ਲੱਗੀ। ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਦੇ ਹਨ। ਹਰ ਇਨਸਾਨ ਦੇ ਪਹਿਲੇ ਪਿਆਰ ਵਾਂਗ ਉਨ੍ਹਾਂ ਦਾ ਪਹਿਲਾ ਪਿਆਰ ਇਕ ਚੀਨੀ ਮੁਟਿਆਰ ਹੀ ਸੀ, ਜੋ ਉਨ੍ਹਾਂ ਨਾਲ ਵਿਆਹ ਤਾਂ ਕਰਵਾਉਣਾ ਚਾਹੁੰਦੀ ਸੀ ਪਰ ਆਪਣਾ ਦੇਸ਼ ਨਹੀਂ ਸੀ ਛੱਡਣਾ ਚਾਹੁੰਦੀ। ਇਸੇ ਤਰ੍ਹਾਂ ਕੰਵਲ ਹੁਰੀਂ ਵੀ ਉਥੇ ਪੱਕੇ ਤੌਰ 'ਤੇ ਰਹਿਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਦੇ ਰਿਸ਼ਤੇ ਦਾ ਅੰਤ ਇਥੇ ਹੀ ਹੋ ਗਿਆ।

ਕੰਵਲ ਦਾ ਸਾਹਿਤਕ ਸਫਰ ਮਲਾਇਆ ਵਿਚ ਸ਼ੁਰੂ ਹੋਇਆ ਤੇ ਪੰਜਾਬ ਵਿਚ ਪ੍ਰਵਾਨ ਚੜ੍ਹਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਗੈਰ-ਪੰਜਾਬੀ ਲੇਖਕ ਤੋਂ ਪ੍ਰਭਾਵਤ ਹੋ ਕੇ 1941-42 ਵਿਚ ਵਾਰਤਕ ਦੀ ਪਹਿਲੀ ਪੁਸਤਕ ਜੀਵਨ ਕਣੀਆਂ' ਲਿਖੀ ਜਿਸ ਨੇ ਉਨ੍ਹਾਂ ਦੀ ਸਾਹਿਤ ਦੇ ਖੇਤਰ ਵਿਚ ਚਰਚਾ ਛੇੜ ਦਿੱਤੀ।

ਉਨ੍ਹਾਂ ਨੇ ਵੀ ਰੋਜ਼ੀ ਰੋਟੀ ਦੀ ਖਾਤਰ ਮਲਾਇਆ ਵਿਚ ਚੌਕੀਦਾਰੀ ਵੀ ਕੀਤੀ ਤੇ ਆਪਣੇ ਪਿੰਡ ਦਿਆਂ ਖੇਤਾਂ ਵਿਚ ਆਪਣੇ ਛੋਟੇ ਭਰਾ ਨਾਲ ਹਲ ਵੀ ਵਾਹਿਆ। ਇਹ ਉਨ੍ਹਾਂ ਦਾ ਸੁਭਾਗ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੀ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿਚ ਕਲਰਕੀ ਦੀ ਨੌਕਰੀ ਮਿਲ ਗਈ। ਉਥੇ ਹੀ ਰਹਿਣਾ, ਖਾਣਾ ਪੀਣਾ ਤੇ ਸਾਹਿਤਕ ਭੁੱਖ ਪੂਰੀ ਕਰਨ ਲਈ ਉਹ ਬਾਕੀ ਬਚਦਾ ਸਮਾਂ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿਚ ਬਿਤਾਉਂਦੇ। ਇਥੇ ਹੀ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਵਧੀਆ ਕਿਤਾਬਾਂ, ਨਾਵਲ ਤੇ ਕਹਾਣੀਆਂ ਪੜ੍ਹੀਆਂ। ਜੀਵਨ ਕਣੀਆਂ'' ਦੇ ਪਬਲਿਸ਼ਰ ਨੇ ਹੀ ਉਨ੍ਹਾਂ ਨੂੰ ਨਾਵਲ ਲਿਖਣ ਵੱਲ ਪ੍ਰੇਰਿਤ ਕੀਤਾ। ਭਾਵੁਕ, ਕਾਵਿਕ, ਦਾਰਸ਼ਨਿਕ ਤੇ ਸੂਖਮ ਭਾਵੀ ਜਸਵੰਤ ਸਿੰਘ ਕੰਵਲ ਦਾ ਸਭ ਤੋਂ ਪਹਿਲਾ ਨਾਵਲ ਸੱਚ ਨੂੰ ਫਾਂਸੀ' 1944 ਵਿਚ ਪਾਠਕਾਂ ਦੇ ਹੱਥਾਂ ਵਿਚ ਆਇਆ। ਤੇ ਉਸ ਤੋਂ ਬਾਅਦ ਵਿਚ ਉਹ ਦਿਨ ਵੀ ਆਏ ਜਦ ਪਾਠਕ ਕੰਵਲ ਦੇ ਨਾਵਲ ਦੀ ਇੰਤਜ਼ਾਰ ਕਰਿਆ ਕਰਦੇ ਸਨ। ਕਹਿ ਨਾਵਲ ਬਾਜ਼ਾਰ ਵਿਚ ਆਇਆ ਤੇ ਕਹਿ ਹੱਥੋਂ ਹੱਥ ਵਿਕ ਗਿਆ।

ਪਿਆਰ, ਪੀੜ, ਵੇਦਨਾ ਤੇ ਦਿਲੀ ਵਲਵਲਿਆਂ ਦਾ ਪ੍ਰਤੀਕ ਨਾਵਲ ਪਾਲੀ'' ਉਨ੍ਹਾਂ ਦਾ ਦੂਜਾ ਨਾਵਲ ਸੀ। ਕੰਵਲ ਹੁਰਾਂ ਨਾਲ ਜਦ ਵੀ ਕਦੀ ਉਨ੍ਹਾਂ ਦੇ ਨਾਵਲਾਂ ਦੀ ਗੱਲ ਤੁਰੇ ਤਾਂ ਉਹ ਦੱਸਦੇ ਹਨ ਕਿ ਉਨ੍ਹਾਂ ਦਾ ਇਹ ਨਾਵਲ ਪੜ੍ਹ ਕੇ ਹੀ, ਉਸ ਵੇਲੇ ਦੇ ਨਾਵਲ ਪਿਤਾਮਾ ਨਾਨਕ ਸਿੰਘ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿਚ ਮਿਲਣ ਆਏ। ਉਸ ਵੇਲੇ ਦੀ ਗੱਲ ਸੁਣਾਉਂਦੇ ਹੋਏ ਦੱਸਦੇ ਹਨ, ਮੈਂ ਦਫਤਰ ਵਿਚ ਬੈਠਾ ਸੀ ਕਿ ਪਿਛਿਓਂ ਕਿਸੇ ਨੇ ਆ ਕੇ ਮੇਰੇ ਮੋਢਿਆਂ 'ਤੇ ਦੋਵੇਂ ਹੱਥ ਰੱਖ ਦਿੱਤੇ। ਮੈਂ ਇਕ ਦਮ ਹੀ ਘਬਰਾ ਕੇ ਵੇਖਿਆ ਕਿ ਨਾਨਕ ਸਿੰਘ ਖੜ੍ਹੇ ਸਨ। ਮੈਂ ਘਬਰਾ ਕੇ ਖੜ੍ਹਾ ਹੋ ਗਿਆ ਤੇ ਕਿਹਾ, ਮੈਨੂੰ ਬੁਲਾਵਾ ਭੇਜ ਦਿੰਦੇ ਮੈਂ ਆਪ ਚਲ ਕੇ ਆਉਂਦਾ, ਤੁਸੀਂ ਕਿਉਂ ਇੰਨਾ ਕਸ਼ਟ ਕਿਉਂ ਕੀਤਾ। ਤਦ ਨਾਨਕ ਸਿੰਘ ਕਹਿਣ ਲੱਗੇ ਕਿ ਮੈਂ ਸਿਰਫ ਤੈਨੂੰ ਸਿਰਫ ਇਹੀ ਕਹਿਣ ਆਇਆ ਹਾਂ, ਕਿ ਤੂੰ ਬਹੁਤ ਵਧੀਆ ਲਿਖਦਾ ਹੈ, ਲਿਖਣਾ ਨਾ ਛੱਡੀ।''

ਪੰਜਾਬ ਦੇ ਸਾਹਿਤ ਦੇ ਮਾਲਾ ਦਾ ਮੋਤੀ ਤੇ ਅਸਲ ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦਾ, ਪੇਂਡੂ ਜੀਵਨ ਦੀ ਝਲਕ ਦਿਖਲਾਉਂਦਾ ਨਾਵਲ ਪੂਰਨਮਾਸ਼ੀ'' ਉਨ੍ਹਾਂ ਦਾ ਤੀਜਾ ਨਾਵਲ ਸੀ। ਤੇ ਹਰ ਪੰਜਾਬੀ ਦੀ ਪਸੰਦ ਦਾ ਪਹਿਲਾ ਨਾਵਲ ਹੈ। ਰਾਤ ਬਾਕੀ ਹੈ'' ਉਨ੍ਹਾਂ ਦਾ ਚੌਥਾ ਨਾਵਲ ਸੀ। ਇਹ ਨਾਵਲ ਉਨ੍ਹਾਂ ਉਦੋਂ ਲਿਖਿਆ ਜਦੋਂ ਕਮਿਊਨਿਸਟ ਪਾਰਟੀ ਆਪਣੇ ਸਿਖਰਾਂ 'ਤੇ ਸੀ। ਇਸ ਤੋਂ ਬਾਅਦ ਇਸ ਦਾ ਪਤਨ ਸ਼ੁਰੂ ਹੋ ਗਿਆ।

ਕੰਵਲ ਹੁਰਾਂ ਦੇ ਇਸ ਨਾਵਲ ਨੇ ਉਨ੍ਹਾਂ ਦੀ ਜ਼ਿੰਦਗੀ ਵਿਚ ਵੀ ਇਕ ਖੂਬਸੂਰਤ ਮੋੜ ਲਿਆਂਦਾ। ਸੂਰਜਪੁਰ ਫੈਕਟਰੀ ਵਿਚ ਮੈਡੀਕਲ ਇੰਚਾਰਜ ਲੱਗੀ ਇਕ ਕੁੜੀ ਡਾ ਜਸਵੰਤ ਕੌਰ'' ਨੇ ਉਨ੍ਹਾਂ ਨਾਲ ਖਤੋ-ਕਿਤਾਬਤ ਦਾ ਸਿਲਸਿਲਾ ਸ਼ੁਰੂ ਕੀਤਾ। ਉਹ ਕੁੜੀ ਬਾਅਦ ਵਿਚ ਉਨ੍ਹਾਂ ਦੀ ਜੀਵਨ ਸਾਥਣ ਬਣੀ ਡਾ ਜਸਵੰਤ ਗਿੱਲ। ਡਾ ਜਸਵੰਤ ਗਿੱਲ ਤੇ ਜਸਵੰਤ ਸਿੰਘ ਕੰਵਲ ਹੁਰੀਂ 1955 ਤੋਂ 1997 ਤੱਕ (42 ਸਾਲ) ਇਕੱਠੇ ਰਹੇ। ਕੰਵਲ ਹੁਰਾਂ ਦੇ ਕਹਿਣ ਮੁਤਾਬਕ ਡਾ ਜਸਵੰਤ ਗਿੱਲ ਹੀ ਉਨ੍ਹਾਂ ਦੇ ਸਾਹਿਤਕ ਸਫਰ ਵਿਚ ਉਨ੍ਹਾਂ ਦਾ ਆਦਰਸ਼ ਸੀ ਜਿਸ ਨੇ ਉਨ੍ਹਾਂ ਨੂੰ ਲਿਖਣ ਵੱਲ ਪ੍ਰੇਰਿਤ ਕੀਤਾ।

ਸਿਦਕੀ, ਸਿਰੜੀ ਤੇ ਸਾਹਸੀ ਕੰਵਲ ਨੇ ਜ਼ਿੰਦਗੀ ਵਿਚ ਉਹ ਕੁਝ ਹੀ ਕੀਤਾ, ਜੋ ਉਨ੍ਹਾਂ ਦੇ ਮਨ ਵਿਚ ਆਇਆ। ਡਰ, ਭੈਅ ਤੇ ਪ੍ਰੇਸ਼ਾਨੀਆਂ ਉਸ ਦੇ ਕਿਤੇ ਨੇੜੇ-ਤੇੜੇ ਵੀ ਨਹੀਂ ਸਨ। ਲਿਖਦਿਆਂ- ਲਿਖਦਿਆਂ ਹੀ ਉਨ੍ਹਾਂ ਦੇ ਅੰਦਰ ਇੰਨੀ ਸੂਰਮਤਾਈ ਆਈ ਕਿ ਉਨ੍ਹਾਂ ਨੇ 70ਵਿਆਂ ਦੇ ਵਿਚ ਪੰਜਾਬ ਦਸ਼ ਤੇ ਕੌਮ ਦੇ ਹਾਲਾਤਾਂ ਦੇ ਮੱਦੇਨਜ਼ਰ ਲਹੂ ਦੀ ਲੋਅ'' ਵਰਗੀ ਰਚਨਾ ਲਿਖ ਦਿੱਤੀ। 1971 ਤੋਂ 1972 ਤੱਕ ਉਨ੍ਹਾਂ ਨੇ ਇਸ ਨਾਵਲ ਦੇ ਖਰੜੇ ਤਿਆਰ ਕੀਤੇ। ਉਧਰ ਦੇਸ਼ ਵਿਚ ਐਮਰਜੈਂਸੀ ਲੱਗ ਗਈ। ਜਿਹੜੇ ਪਬਲਿਸ਼ਰ ਕਦੇ ਨਾਵਲ ਛਾਪਣ ਲਈ ਉਨ੍ਹਾਂ ਦੇ ਮਗਰ-ਮਗਰ ਫਿਰਦੇ ਸਨ, ਉਹ ਲਹੂ ਦੀ ਲੋਅ'' ਵਰਗੀ ਰਚਨਾ ਛਾਪਣੋਂ ਡਰ ਗਏ। ਛਾਪੇਖਾਨਿਆਂ 'ਤੇ ਛਾਪੇ ਪੈਣ ਲੱਗ ਪਏ ਤੇ ਸਖਤ ਸੈਂਸਰਸ਼ਿਪ ਲਾਗੂ ਹੋ ਗਈ। ਕਿਸੇ ਪਬਲਿਸ਼ਰ ਨੇ ਹੌਸਲਾ ਨਹੀਂ ਕੀਤਾ ਕਿ ਉਹ ਉਨ੍ਹਾਂ ਦਾ ਨਾਵਲ ਛਾਪ ਸਕਣ। ਅਖੀਰ ਲਹੂ ਦੀ ਲੋਅ'' ਨਾਵਲ ਸਿੰਗਾਪੁਰ ਵਿਚ ਛਪਿਆ ਤੇ ਸਭ ਤੋਂ ਪਹਿਲਾਂ ਪਰਵਾਸੀ ਪੰਜਾਬੀਆਂ ਵਿਚ ਪੜ੍ਹਿਆ ਗਿਆ। ਕੁਝ ਕਾਪੀਆਂ ਪੰਜਾਬ ਵਿਚ ਵੀ ਸਮਗਲ ਹੋਈਆਂ ਤੇ ਹੱਥੋਂ ਹੱਥੀਂ ਵਿਕ ਗਈਆਂ। ਉਸ ਵੇਲੇ ਨਾਵਲ ਦੀ ਕੀਮਤ ਤੀਹ ਰੁਪਏ ਸੀ। ਐਮਰਜੈਂਸੀ ਟੁੱਟੀ ਤੇ ਆਰਸੀ ਵਾਲਿਆਂ ਨੇ ਨਾਵਲ ਦੀ ਕੀਮਤ 15 ਰੁਪਏ ਰੱਖ ਦਿੱਤੀ। ਉਸ ਨਾਵਲ ਦੀਆਂ ਬਾਰਾਂ ਹਾਜ਼ਾਰ ਤੋਂ ਵੀ ਵੱਧ ਕਾਪੀਆਂ ਵਿਕੀਆਂ।

ਕੰਵਲ ਦਾ ਨਾਵਲ ਤੌਸ਼ਾਲੀ ਦੀ ਹੰਸੋ'' ਸਾਹਿਤ ਅਕਾਦਮੀ ਐਵਾਰਡ ਨਾਲ ਨਿਵਾਜਿਆ ਹੋਇਆ ਨਾਵਲ ਹੈ। ਇਸ ਬਾਬਤ ਉਹ ਕਹਿੰਦੇ ਹਨ ਕਿ ਉੜੀਸਾ ਵਿਚ ਘੁੰਮਦਿਆਂ ਤੌਸ਼ਾਲੀ ਦੀ ਹੰਸੋ'' ਮੇਰੇ ਜ਼ਿਹਨ ਵਿਚ ਉਭਰੀ। ਭੁਬਨੇਸ਼ਵਰ ਲਾਗੇ ਇਕ ਪਹਾੜੀ ਚਟਾਨ ਤੇ ਬੋਧੀਆਂ ਦਾ ਮੱਠ ਹੈ। ਉਥੇ ਖੜ੍ਹ ਕੇ ਜਦ ਮੈਂ ਦੂਰ ਹੇਠਾਂ ਤੱਕ ਵੇਖਿਆ, ਤਾਂ ਮੈਨੂੰ ਕਲਿੰਗਾ ਦੀ ਯਾਦ ਆ ਗਈ। ਅਸ਼ੋਕ ਨੇ ਉਥੇ ਬਹੁਤ ਕਤਲੇਆਮ ਕੀਤਾ ਸੀ। ਤੌਸ਼ਾਲੀ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ। ਮੈਨੂੰ ਮਰ ਰਹੇ ਲੱਖਾਂ ਸਿਪਾਹੀ ਫੌਜੀਆਂ ਦੀਆਂ ਚੀਖਾਂ ਕੁਰਲਾਹਟਾਂ ਸੁਣਾਈ ਦਿੱਤੀਆਂ। ਲਾਸ਼ਾਂ ਦੇ ਢੇਰ ਦਿੱਸੇ। ਮੈਂ ਸੋਚਿਆ, ਘੱਟ ਗਿਣਤੀ ਸਦਾ ਹੀ ਕੁੱਟ ਖਾਂਦੀ ਆ ਰਹੀ ਹੈ। ਪੰਜਾਬ ਦਾ ਸੰਤਾਪ ਮੇਰੇ ਮੂਹਰੇ ਆਇਆ। ਭਾਰਤ ਨੂੰ ਆਜ਼ਾਦੀ ਮਿਲ ਗਈ, ਪਰ ਘੱਟ-ਗਿਣਤੀਆਂ ਨੂੰ ਕਦੇ ਵੀ ਆਜ਼ਾਦੀ ਦਾ ਲਾਭ ਨਾ ਮਿਲਿਆ। ਤੌਸ਼ਾਲੀ ਦੀ ਰਾਜਧਾਨੀ ਹੰਸੋ ਦੀ ਇਕ ਇਕ ਗੱਲ ਨੇ ਮੈਨੂੰ ਟੁੰਬਿਆ ਕਿ ਉਹ ਆਪਣੇ ਲੋਕਾਂ ਲਈ ਮਰਦੀ ਸੀ। ਇਹ ਵੀ ਸੱਚ ਹੈ ਕਿ ਕੰਵਲ ਹੁਰਾਂ ਦਾ ਮਨਪਸੰਦ ਨਾਵਲ ਤੌਸ਼ਾਲੀ ਦੀ ਹੰਸੋ'' ਹੀ ਹੈ। ਉਹ ਕਹਿੰਦੇ ਹਨ ਕਿ ਇਹ ਨਾਵਲ ਲਿਖ ਕੇ ਹੀ ਮੈਨੂੰ ਰੂਹ ਦਾ ਰੱਜ ਮਿਲਿਆ। ਕੰਵਲ ਨੇ ਕੋਈ ਤੀਹ ਤੋਂ ਵੱਧ ਨਾਵਲ, ਦਸ ਕਹਾਣੀ ਸੰਗ੍ਰਹਿ, ਚਾਰ ਨਿਬੰਧ ਸੰਗ੍ਰਹਿ, ਇਕ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾ ਕੇ ਇਸ ਖਜ਼ਾਨੇ ਨੂੰ ਅਮੀਰ ਕੀਤਾ। ਤਾਰੀਖ ਵੇਧਦੀ ਹੈ, ਸਿਵਲ ਲਾਈਨਜ਼, ਐਂਨਿਆਂ 'ਚੋ ਉਠੋ ਸੁਰਮਾ, ਮਨੁੱਖਤਾ, ਮਿੱਤਰ ਪਿਆਰੇ ਨੂੰ, ਪੰਜਾਬ ਦਾ ਸੱਚ, ਰੂਪਮਤੀ, ਮੁਕਤੀ ਮਾਰਗ, ਮਾਈ ਦਾ ਲਾਲ, ਮੂਮਲ, ਜੇਰਾ, ਹਾਣੀ, ਮੋੜਾ, ਬਰਫ ਦੀ ਅੱਗ, ਜੰਗਲ ਦੇ ਸ਼ੇਰ, ਕੌਮੀ ਵਸੀਅਤ ਉਨ੍ਹਾਂ ਦੇ ਪ੍ਰਮੁੱਖ ਨਾਵਲ ਹਨ।

ਅੱਜ ਜਸਵੰਤ ਸਿੰਘ ਕੰਵਲ ਪੰਜਾਬੀ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਨਾਵਲਕਾਰ ਹੈ। ਨੈਸ਼ਨਲ ਬੁੱਕ ਆਫ ਟਰਸਟ ਭਾਰਤ'' ਉਨ੍ਹਾਂ ਦੇ ਨਾਵਲ ਪੂਰਨਮਾਸ਼ੀ'' ਨੂੰ ਭਾਰਤ ਦੀਆਂ ਹੋਰਨਾਂ ਭਾਸ਼ਾਵਾਂ ਵਿਚ ਛਾਪਣ ਜਾ ਰਿਹਾ ਹੈ।